ਸੰਗਤਾਂ ਦੇ ਸਹਿਯੋਗ ਨਾਲ ਸ਼ਿਵਪੁਰੀ ਸ਼ਮਸ਼ਾਨਘਾਟ ਦੀ ਨਵੀਂ ਇਮਾਰਤ ਦਾ ਨਿਰਮਾਣ ਜਾਰੀ, ਹਾਲ ਦੇ ਲੈਂਟਰ ਦਾ ਕੰਮ ਮੁਕੰਮਲ : ਰਾਜੀਵ ਕੁਮਾਰ ਦੁੱਗਲ
Punjab Hotmail Bureau, ਜਲੰਧਰ। ਪ੍ਰਧਾਨ ਰਾਜੀਵ ਕੁਮਾਰ ਦੁੱਗਲ ਦੀ ਰਹਿਨੁਮਾਈ ਹੇਠ ਜਲੰਧਰ ਮਾਡਲ ਟਾਊਨ ਸੁਸਾਇਟੀ ਰਜਿ. ਵੱਲੋਂ ਮਾਡਲ ਟਾਊਨ ਸਥਿਤ ਸ਼ਿਵਪੁਰੀ ਸ਼ਮਸ਼ਾਨਘਾਟ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਸੰਗਤਾਂ ਅਤੇ ਆਮ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਮਸ਼ਾਨਘਾਟ ਵਿਖੇ ਨਵੀਂ ਇਮਾਰਤ ਦੇ ਨਿਰਮਾਣ ਦਾ ਕੰਮ ਜਾਰੀ ਹੈ।

ਨਵੀਂ ਇਮਾਰਤ ਦੇ ਪਹਿਲੇ ਪੜਾਅ ਤਹਿਤ ਹਾਲ ਦੇ ਲੈਂਟਰ ਦੀ ਉਸਾਰੀ ਦਾ ਕੰਮ ਸੰਪੰਨ ਕੀਤਾ ਗਿਆ। ਸੁਸਾਇਟੀ ਵੱਲੋਂ ਦੱਸਿਆ ਗਿਆ ਕਿ ਇਹ ਸਮੁੱਚਾ ਨਿਰਮਾਣ ਕਾਰਜ ਸੰਗਤਾਂ, ਦਾਨੀ ਸੱਜਣਾਂ ਅਤੇ ਇਲਾਕਾ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਸੰਗਤਾਂ ਵੱਲੋਂ ਆਪਣੀ ਸ਼ਰਧਾ ਅਤੇ ਸਮਰੱਥਾ ਅਨੁਸਾਰ ਇੱਟਾਂ, ਸੀਮੈਂਟ, ਰੇਤਾ, ਬਜਰੀ ਅਤੇ ਸਰੀਆ ਸਮੇਤ ਹੋਰ ਨਿਰਮਾਣ ਸਮੱਗਰੀ ਦਾਨ ਵਜੋਂ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਇੱਕ ਪਰਿਵਾਰ ਵੱਲੋਂ ਹਾਲ ਦੇ ਲੈਂਟਰ ਲਈ ਲੋੜੀਂਦਾ ਸਾਰਾ ਸਰੀਆ ਦਾਨ ਵਜੋਂ ਭੇਟ ਕੀਤਾ ਗਿਆ। ਸੁਸਾਇਟੀ ਨੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਸੁਸਾਇਟੀ ਵੱਲੋਂ ਸਮੂਹ ਸੰਗਤਾਂ, ਦਾਨੀ ਸੱਜਣਾਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਨੇਕ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਨਵੀਂ ਇਮਾਰਤ ਦੇ ਨਿਰਮਾਣ ਲਈ ਲੋੜੀਂਦੀ ਸਮੱਗਰੀ ਦਾਨ ਕਰਕੇ ਇਸ ਸੇਵਾ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ।
ਇਸ ਮੌਕੇ ਵਰਿੰਦਰ ਮਲਿਕ, ਚੇਅਰਮੈਨ ਆਤਮਪ੍ਰਕਾਸ਼ ਸਿੰਘ ਬਬਲੂ, ਜਸਵਿੰਦਰ ਸਿੰਘ ਸਾਹਨੀ, ਸੁਨੀਲ ਚੋਪੜਾ, ਸ੍ਰਿਸ਼ਟੀ ਧੀਮਾਨ, ਸਵਤੰਤਰ ਚਾਵਲਾ, ਵਰਿੰਦਰ ਸੈਣੀ ਅਤੇ ਐਸ਼ ਪੀ ਸਿੰਘ ਹਾਜ਼ਰ ਸਨ।
ਸੁਸਾਇਟੀ ਨੇ ਕਿਹਾ ਕਿ ਇਹ ਸਿਰਫ਼ ਇੱਕ ਇਮਾਰਤ ਦਾ ਨਿਰਮਾਣ ਨਹੀਂ, ਸਗੋਂ ਸੰਗਤਾਂ ਦੀ ਸਹੂਲਤ ਅਤੇ ਸਮਾਜ ਦੀ ਸਾਂਝੀ ਸੇਵਾ ਦਾ ਪਵਿੱਤਰ ਉਪਰਾਲਾ ਹੈ।
