ਸੰਗਤਾਂ ਦੀ ਵੱਡੀ ਮੰਗ: ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲ੍ਹਿਆ ਜਾਵੇ: ਸਿੱਖ ਤਾਲਮੇਲ ਕਮੇਟੀ
Punjab Hotmail, Jalandhar। ਸਿੱਖ ਤਾਲਮੇਲ ਕਮੇਟੀ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਬਿਨਾਂ ਕਿਸੇ ਦੇਰੀ ਤੋਂ ਸੰਗਤਾਂ ਲਈ ਤੁਰੰਤ ਖੋਲ੍ਹਿਆ ਜਾਵੇ।

ਕਮੇਟੀ ਆਗੂਆਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਧਰਤੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਹਿਆਤੀ ਦੇ ਕਰੀਬ 18 ਸਾਲ ਬਿਤਾਏ ਸਨ।
ਆਗੂਆਂ ਨੇ ਕਿਹਾ ਕਿ 1947 ਦੀ ਵੰਡ ਤੋਂ ਬਾਅਦ ਇਹ ਅਸਥਾਨ ਪਾਕਿਸਤਾਨ ਵਿੱਚ ਰਹਿ ਗਿਆ ਸੀ, ਪਰ ਸਿੱਖ ਕੌਮ ਦੀਆਂ ਲੰਬੇ ਸਮੇਂ ਦੀਆਂ ਅਰਦਾਸਾਂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ ਸੀ, ਜਿਸ ਨਾਲ ਦੁਨੀਆ ਭਰ ਦੀਆਂ ਸੰਗਤਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ।
ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿਟੀ, ਗੁਰਦੇਵ ਸਿੰਘ ਭਾਟੀਆ, ਗੁਰਦੀਪ ਸਿੰਘ ਕਾਲੀਆ ਕਾਲੋਨੀ ਅਤੇ ਰਾਜਵੰਤ ਸਿੰਘ ਸੁੱਖਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਹੁਣ ਜਦੋਂ ਮਾਹੌਲ ਪੂਰੀ ਤਰ੍ਹਾਂ ਠੀਕ ਹੈ ਤਾਂ ਲਾਂਘਾ ਖੋਲ੍ਹਣ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਗੁਰੂ ਘਰਾਂ ਤੋਂ ਦੂਰੀ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
ਨਾਲ ਹੀ SGPC, ਹਰਿਆਣਾ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਕੇਂਦਰ ਸਰਕਾਰ ਅੱਗੇ ਇਹ ਮਸਲਾ ਜ਼ੋਰਦਾਰ ਢੰਗ ਨਾਲ ਉਠਾਉਣ।
ਇਸ ਮੌਕੇ ਅਮਰਜੀਤ ਸਿੰਘ, ਇੰਦਰਪ੍ਰੀਤ ਸਿੰਘ, ਪ੍ਰੋਫੈਸਰ ਸੁਖਜੀਤ ਸਿੰਘ, ਜਗਦੀਪ ਸਿੰਘ, ਪਰਦੀਪ ਸਿੰਘ ਵਿੱਕੀ, ਐਡਵੋਕੇਟ ਸੰਦੀਪ, ਕੰਵਰ ਸਿੰਘ ਛਾਬੜਾ, ਸਾਹਿਲ ਭਾਟੀਆ, ਸੰਦੀਪ ਸਿੰਘ ਫੁੱਲ ਅਤੇ ਅਮਨਦੀਪ ਸਿੰਘ ਬੱਗਾ ਸਮੇਤ ਹੋਰ ਵੀ ਮੌਜੂਦ ਸਨ।
