Jalandhar News: ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ- ਸਿੱਖ ਤਾਲਮੇਲ ਕਮੇਟੀ
ਪੰਜਾਬ ਹੌਟਮੇਲ, ਜਲੰਧਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਜਿਸ ਦਾ ਕੋਈ ਪ੍ਰਧਾਨ ਵੀ ਫਿਲਹਾਲ ਕੰਮ ਨਹੀਂ ਕਰ ਰਿਹਾ, ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰਘਵੀਰ ਸਿੰਘ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਸੁਲਤਾਨ ਸਿੰਘ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਬਦਲਣ ਦਾ ਜੋ ਫੈਸਲਾ ਬਾਦਲ ਪਰਿਵਾਰ ਦੀ ਸ਼ਹਿ ਤੇ ਕੀਤਾ ਹੈ । ਉਸ ਨਾਲ ਸਮੁੱਚੀ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਨੀਵਾਂ ਹੋਇਆ ਹੈ ।

ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ। ਇੱਕ ਪਰਿਵਾਰ ਦੀ ਸਿਆਸਤ ਨੂੰ ਬਚਾਉਣ ਲਈ, ਜਿਸ ਤਰ੍ਹਾਂ ਸਮੁੱਚੀ ਕੌਮ ਦੀਆਂ ਭਾਵਨਾਵਾਂ ਨੂੰ ਤਾਰ ਤਾਰ ਕੀਤਾ ਗਿਆ ਹੈ।ਉਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ ,ਵਿੱਕੀ ਸਿੰਘ ਖਾਲਸਾ, ਗੁਰਦੀਪ ਸਿੰਘ ਕਾਲੀਆ ਕਲੋਨੀ ਨੇ ਇੱਕ ਸਾਂਝੇ ਵਿੱਚ ਕਿਹਾ ਹੈ। ਕਿ ਛੇਵੇਂ ਪਾਤਸ਼ਾਹ ਦੁਆਰਾ ਤਿਆਰ ਸ੍ਰੀ ਅਕਾਲ ਤਖਤ ਸਾਹਿਬ, ਜਿੱਥੋਂ ਹਮੇਸ਼ਾ ਕੌਮ ਨੂੰ ਨਵੀਂ ਸੇਧ ਦੇਣ ਦੇ ਫੈਸਲੇ ਜਾਰੀ ਹੁੰਦੇ ਹਨ ।
ਇਸ ਮਾਨ ਮੱਤੇ ਤਖਤ ਤੇ ਅਕਾਲੀ ਫੂਲਾ ਸਿੰਘ ਜੀ ਅਤੇ ਹੋਰ ਵੀ ਮਹਾਨ ਸ਼ਖਸੀਅਤਾਂ ਵਿਰਾਜਮਾਨ ਰਹੀਆਂ ਹਨ। ਜਿਨਾਂ ਦੇ ਇੱਕ ਆਦੇਸ਼ ਤੇ ਸਿੱਖ ਕੌਮ ਆਪਾ ਕੁਰਬਾਨ ਕਰਨ ਲਈ ਹਮੇਸ਼ਾ ਤਤਪਰ ਰਹਿੰਦੀ ਸੀ। ਜਦੋਂ ਦਾ ਬਾਦਲ ਪਰਿਵਾਰ ਸ਼੍ਰੋਮਣੀ ਕਮੇਟੀ ਤੇ ਕਾਬਜ ਹੋਇਆ ਹੈ ।
ਇਸ ਨੇ ਅਕਾਲ ਤਖਤ ਸਾਹਿਬ ਨੂੰ ਪਰਿਵਾਰ ਦੀ ਜਾਇਦਾਦ ਬਣਾ ਦਿੱਤਾ ਹੈ। ਕਦੀ ਇਹ ਜਥੇਦਾਰਾਂ ਨੂੰ ਆਪਣੇ ਘਰ ਬੁਲਾ ਕੇ ਬਲਾਤਕਾਰੀ ਸਾਧ ਨੂੰ ਮਾਫੀ ਦਵਾਉਂਦੇ ਹਨ। ਕਦੀ ਜੇ ਕੋਈ ਫੈਸਲਾ ਇਹਨਾਂ ਦੇ ਖਿਲਾਫ ਜਾਂਦਾ ਹੈ, ਇਹ ਜਥੇਦਾਰਾਂ ਨੂੰ ਬਦਲ ਕੇ ਆਪਣੇ ਹੱਥ ਠੋਕਿਆ ਨੂੰ ਉੱਚ ਪਦਵੀ ਤੇ ਬਿਠਾ ਦਿੰਦੇ ਹਨ ।
ਅੱਜ ਇਹਨਾਂ ਨਵਾਂ ਹੀ ਚੰਨ ਚਾੜ ਦਿੱਤਾ ਹੈ ।ਜਿਸ ਲਈ ਸਿੱਖ ਕੌਮ ਇਹਨਾਂ ਨੂੰ ਕਦੀ ਵੀ ਮੁਆਫ ਨਹੀਂ ਕਰੇਗੀ ।ਇਸਦਾ ਜਵਾਬ ਸੰਗਤ ਜਰੂਰ ਲਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਨੂਰ,ਪਲਵਿੰਦਰ ਸਿੰਘ ਬਾਬਾ, ਅਜੀਤ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ ਪਰਮਾਰ ਆਦੀ ਹਾਜਰ ਸਨ।