ਸਾਂਸਦ ਰਿੰਕੂ ਨੇ ਪੰਜਾਬ ਦੇ 8000 ਕਰੋੜ ਰੁਪਏ ਦੇ ਫੰਡ ਰੋਕੇ ਜਾਣ ਦਾ ਮੁੱਦਾ ਸੰਸਦ ’ਚ ਉਠਾਇਆ
5637 ਕਰੋੜ ਦੇ ਪੇਂਡੂ ਵਿਕਾਸ ਫੰਡ ਜਾਰੀ ਨਾ ਹੋਣ ’ਤੇ ਦਿਹਾਤੀ ਇਲਾਕਿਆਂ ’ਚ ਵਿਕਾਸ ਕੰਮ ਹੋਏ ਪ੍ਰਭਾਵਿਤ
ਜਲੰਧਰ। ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵਲੋਂ ਅੱਜ ਪੰਜਾਬ ਦੇ ਫੰਡ ਰੋਕੇ ਜਾਣ ਦਾ ਮੁੱਦਾ ਪੂਰੇ ਜ਼ੋਰ ਨਾਲ ਚੁੱਕਦਿਆਂ ਅਪੀਲ ਕੀਤੀ ਕਿ ਲਗਭਗ 8000 ਕਰੋੜ ਰੁਪਏ ਦੇ ਫੰਡ ਤੁਰੰਤ ਜਾਰੀ ਕੀਤੇ ਜਾਣ ਤਾਂ ਜੋ ਪੰਜਾਬ ਵਿੱਚ ਚੱਲ ਰਹੀ ਵਿਕਾਸ ਦੀ ਲਹਿਰ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ।
ਸੰਸਦ ਵਿੱਚ ਬੋਲਦਿਆਂ ਲੋਕ ਸਭਾ ਮੈਂਬਰ ਨੇ ਕਿਹਾ ਕਿ 5637 ਕਰੋੜ ਰੁਪਏ ਦੇ ਦਿਹਾਤੀ ਵਿਕਾਸ ਫੰਡ ਰੁਕੇ ਹੋਏ ਹਨ ਜਿਸ ਨਾਲ ਪੰਜਾਬ ਦੇ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਐਮ.ਡੀ.ਐਫ. ਦੇ 850 ਕਰੋੜ ਰੁਪਏ, ਸਪੈਸ਼ਲ ਅਸਿਸਟੈਂਟ ਫੰਡ ਦੇ 1800 ਕਰੋੜ ਰੁਪਏ, ਨੈਸ਼ਨਲ ਹੈਲਥ ਮਿਸ਼ਨ ਦੇ 621 ਕਰੋੜ ਰੁਪਏ ਸਮੇਤ ਲਗਭਗ 8000 ਕਰੋੜ ਰੁਪਏ ਦੇ ਫੰਡ ਬਕਾਇਆ ਪਏ ਹਨ।
ਉਨ੍ਹਾਂ ਕਿਹਾ ਕਿ ਕੇਂਦਰੀ ਸਿਹਤ ਮੰਤਰਾਲੇ ਵਲੋਂ ਇਸ ਗੱਲ ’ਤੇ ਇਤਰਾਜ਼ ਜਾਹਿਰ ਕੀਤਾ ਹੈ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਆਮ ਆਦਮੀ ਕਲੀਨਿਕਾਂ ਉਤੇ ਖ਼ਰਚ ਕੀਤੇ ਜਾ ਰਹੇ ਹਨ ਜਦਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਇਨਾਂ ਕਲੀਨਿਕਾਂ ਉਤੇ ਖ਼ਰਚ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਖ਼ਰਚੇ ਉਤ 600 ਮੁਹੱਲਾ ਕਲੀਨਿਕ ਪੰਜਾਬ ਵਿੱਚ ਚਲਾ ਰਹੀ ਹੈ ਜਿਸ ਦਾ ਲੱਖਾਂ ਲੋਕਾਂ ਨੇ ਲਾਭ ਉਠਾਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਵਿਕਾਸ ਫੰਡ ਜਲਦ ਤੋਂ ਜਲਦ ਜਾਰੀ ਕੀਤੇ ਜਾਣ।