ਸਿੱਖ ਮੁੱਦਿਆਂ ਤੋਂ ਭਟਕੀ ਲੀਡਰਸ਼ਿਪ? ਸਿੱਖ ਤਾਲਮੇਲ ਕਮੇਟੀ ਨੇ ਚੁੱਕੇ ਗੰਭੀਰ ਸਵਾਲ, ਪਾਕਿਸਤਾਨ ‘ਚ ਗੁਰਦੁਆਰੇ ਨੂੰ ਨੁਕਸਾਨ ‘ਤੇ ਜਤਾਇਆ ਰੋਸ
ਜਲੰਧਰ: ਸਿੱਖ ਤਾਲਮੇਲ ਕਮੇਟੀ ਨੇ ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿੱਚ ਕਰੀਬ 125 ਸਾਲ ਪੁਰਾਣੇ ਗੁਰੂ ਘਰ ਦੇ ਇੱਕ ਹਿੱਸੇ ਨੂੰ ਢਾਹੇ ਜਾਣ ਦੀ ਘਟਨਾ ‘ਤੇ ਗਹਿਰਾ ਦੁੱਖ ਅਤੇ ਰੋਸ ਜਤਾਇਆ ਹੈ।
ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਅਤੇ ਰਣਜੀਤ ਸਿੰਘ ਗੋਲਡੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਿੱਖ ਲੀਡਰਸ਼ਿਪ ਆਪਸੀ ਟਕਰਾਅ ਅਤੇ ਸੱਤਾ ਦੀ ਲਾਲਸਾ ਵਿੱਚ ਸਿੱਖ ਕੌਮ ਦੇ ਅਸਲ ਮੁੱਦਿਆਂ ਨੂੰ ਭੁੱਲ ਚੁੱਕੀ ਹੈ।

ਆਗੂਆਂ ਨੇ ਕਿਹਾ ਕਿ ਭਾਰਤ ਅਤੇ ਵਿਦੇਸ਼ਾਂ ਵਿੱਚ ਕਈ ਇਤਿਹਾਸਕ ਗੁਰਧਾਮਾਂ ਨਾਲ ਜੁੜੇ ਮਾਮਲਿਆਂ ‘ਤੇ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਡਾਂਗ ਮਾਰ ਸਾਹਿਬ, ਗੁਰਦੁਆਰਾ ਮੰਗੂ ਮੱਠ ਅਤੇ ਕਰਤਾਰਪੁਰ ਸਾਹਿਬ ਲਾਂਘੇ ਵਰਗੇ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਮਸਲਿਆਂ ‘ਤੇ ਪ੍ਰਭਾਵਸ਼ਾਲੀ ਆਵਾਜ਼ ਨਹੀਂ ਉਠਾਈ ਜਾ ਰਹੀ।
ਕਮੇਟੀ ਨੇ ਇਹ ਵੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਭਾਈ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਅਤੇ ਸਿੱਖਾਂ ਨਾਲ ਜੁੜੇ ਹੋਰ ਮਸਲਿਆਂ ‘ਤੇ ਸਿੱਖ ਲੀਡਰਸ਼ਿਪ ਨੂੰ ਇਕਜੁੱਟ ਹੋ ਕੇ ਕੌਮ ਦੇ ਹੱਕਾਂ ਲਈ ਸੰਘਰਸ਼ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਅਪੀਲ ਕੀਤੀ ਕਿ ਸੱਤਾ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਸਿੱਖ ਕੌਮ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇ।
